ਆਜ਼ਾਦੀ ਵਾਂਗ ਹੁਣ ਸੰਵਿਧਾਨ ਬਚਾਉਣ ਦੀ ਲੜਾਈ: ਰਾਹੁਲ

ਆਜ਼ਾਦੀ ਵਾਂਗ ਹੁਣ ਸੰਵਿਧਾਨ ਬਚਾਉਣ ਦੀ ਲੜਾਈ: ਰਾਹੁਲ

ਬੰਗਾ,- ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਅੱਜ ਖਟਕੜ ਕਲਾਂ ਪੁੱਜ ਕੇ ਸ਼ਹੀਦ ਭਗਤ ਸਿੰਘ ਦੀ ਯਾਦਗਾਰ ’ਤੇ ਨਮਨ ਕੀਤਾ। ਇਸ ਮਗਰੋਂ ਪਿੰਡ ਵਿੱਚ ਹੀ ਬੋਹੜ ਥੱਲੇ ਲੱਗੇ ਖੁੱਲ੍ਹੇ ਮੰਚ ਤੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਸੰਵਿਧਾਨ ਨੂੰ ਬਚਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਲੜਾਈ ਤਾਂ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਸਦਕਾ ਜਿੱਤੀ ਗਈ ਪਰ ਹੁਣ ਸੰਵਿਧਾਨ ਬਚਾਉਣ ਦੀ ਲੜਾਈ ਜਿੱਤਣ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਦੇਸ਼ ਨੂੰ ਨਿੱਜੀ ਹੱਥਾਂ ਵਿੱਚ ਵੇਚਣ ’ਚ ਕੋਈ ਕਸਰ ਨਹੀਂ ਛੱਡੀ ਜਿਸ ਕਾਰਨ ਕਮਜ਼ੋਰ ਵਰਗ ਹੋਰ ਕਮਜ਼ੋਰ ਹੋ ਗਿਆ ਹੈ। ਮਹਿੰਗਾਈ, ਬੇਰੁਜ਼ਗਾਰੀ ਅਤੇ ਅਨਿਆਂ ਲਈ ਭਾਜਪਾ ਦੀਆਂ ਗਲਤ ਨੀਤੀਆਂ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ਰਾਹੁਲ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਦੇ ਸਾਰ ਹੀ 30 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਗਰੀਬੀ ਰੇਖਾ ਹੇਠ ਰਹਿੰਦੇ ਪਰਿਵਾਰਾਂ ਦੀਆਂ ਮਹਿਲਾਵਾਂ ਦੇ ਖਾਤਿਆਂ ’ਚ ਪ੍ਰਤੀ ਮਹੀਨਾ 8500 ਰੁਪਏ ਪਾਉਣ, ਮਨਰੇਗਾ ਕਾਮਿਆਂ ਦਾ ਮਾਣ ਭੱਤਾ 400 ਰੁਪਏ ਕਰਨ, ਆਂਗਨਵਾੜੀ ਵਰਕਰਾਂ ਦੀਆਂ ਤਨਖਾਹਾਂ ਦੁੱਗਣੀਆਂ ਕਰਨ ਅਤੇ ਸਰਕਾਰੀ ਤੇ ਅਰਧ ਸਰਕਾਰੀ ਖੇਤਰ ਵਿੱਚ ਠੇਕਾ ਪ੍ਰਣਾਲੀ ਬੰਦ ਕਰਨ ਦੀ ਗੱਲ ਵੀ ਕਹੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ 20 ਵਿਅਕਤੀਆਂ ਨੂੰ ਅਰਬਪਤੀ ਬਣਾਉਣ ਦੇ ਚੱਕਰ ’ਚ ਆਮ ਲੋਕਾਂ ਨੂੰ ਹੋਰ ਕਮਜ਼ੋਰ ਕਰਨ ਦਾ ਦੋਸ਼ ਲਾਇਆ। ਇਸ ਦੇ ਨਾਲ ਨੋਟਬੰਦੀ ਅਤੇ ਜੀਐੱਸਟੀ ਦੀ ਵੀ ਆਲੋਚਨਾ ਕੀਤੀ। ਕਾਂਗਰਸ ਆਗੂ ਨੇ ਕਿਹਾ ਕਿ ਦੇਸ਼ ਦੇ ਅੰਨਦਾਤਾ ਉਪਰ ਤਿੰਨ ਖੇਤੀ ਕਾਨੂੰਨ ਥੋਪ ਕੇ ਅਤੇ ਜਵਾਨਾਂ ਦੇ ਮਾਣ-ਸਨਮਾਨ ਦੀ ਵਰਗ ਵੰਡ ਕਰਕੇ ਭਾਜਪਾ ਸਰਕਾਰ ਨੇ ਮੰਦਭਾਗਾ ਵਰਤਾਰਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ’ਚ ਸੱਤਾ ਪਰਿਵਰਤਨ ਤੋਂ ਬਾਅਦ ਭਾਜਪਾ ਵੱਲੋਂ ਸਿੱਧੇ ਅਤੇ ਅਸਿੱਧੇ ਰੂਪ ’ਚ ਦੇਸ਼ ਨੂੰ ਨੁਕਸਾਨ ਕਰਨ ਵਾਲੇ ਸਾਰੇ ਫ਼ੈਸਲੇ ਰੱਦ ਕੀਤੇ ਜਾਣਗੇ। ਇਸ ਮੌਕੇ ਰਾਹੁਲ ਨੇ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਰ ਵਿਜੈਇੰਦਰ ਸਿੰਗਲਾ ਦੇ ਹੱਕ ’ਚ ਮਤਦਾਨ ਕਰਨ ਦੀ ਅਪੀਲ ਵੀ ਕੀਤੀ।