ਪੰਜਾਬ ਵਿੱਚ ‘ਹੱਥ’ ਨੇ ਬਦਲੇ ‘ਹਾਲਾਤ’

ਪੰਜਾਬ ਵਿੱਚ ‘ਹੱਥ’ ਨੇ ਬਦਲੇ ‘ਹਾਲਾਤ’

ਕਾਂਗਰਸ ਨੇ ਸੱਤ ਸੀਟਾਂ ਜਿੱਤੀਆਂ, ‘ਆਪ’ ਦੇ ਹਿੱਸੇ ਤਿੰਨ ਸੀਟਾਂ ਆਈਆਂ

ਹਰਸਿਮਰਤ ਬਠਿੰਡਾ ਤੋਂ ਜਿੱਤੀ, ਪਰ ਅਕਾਲੀ ਦਲ ਤੇ ਭਾਜਪਾ ਨੇ ਅੱਡੋ-ਅੱਡ ਚੋਣ ਲੜਨ ਦਾ ਭੁਗਤਿਆ ਖ਼ਮਿਆਜ਼ਾ

ਚੰਡੀਗੜ੍ਹ, - ਲੋਕ ਸਭਾ ਚੋਣਾਂ ’ਚ ਪੰਜਾਬ ਨੇ ਕਾਂਗਰਸ ਦਾ ‘ਹੱਥ’ ਫੜਿਆ ਹੈ। ਪੰਜਾਬੀਆਂ ਨੇ ਇਨ੍ਹਾਂ ਚੋਣਾਂ ਵਿਚ ਸੱਤਾਧਾਰੀਆਂ ਦੇ ਉਲਟ ਭੁਗਤਣ ਦੀ ਆਪਣੀ ਰਵਾਇਤ ਨੂੰ ਵੀ ਕਾਇਮ ਰੱਖਿਆ। ਕਾਂਗਰਸ ਨੂੰ ਪੰਜਾਬ ਦੀਆਂ 13 ਸੀਟਾਂ ’ਚੋਂ ਸੱਤ ਸੀਟਾਂ ਮਿਲੀਆਂ ਹਨ ਜਦੋਂ ਕਿ ‘ਆਪ’ ਦੇ ਹਿੱਸੇ ਤਿੰਨ ਸੀਟਾਂ ਆਈਆਂ ਹਨ। ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸੀਟ ਜਿੱਤ ਕੇ ਆਪਣਾ ਗੜ੍ਹ ਬਚਾਉਣ ਵਿਚ ਸਫਲ ਰਿਹਾ ਹੈ ਜਦੋਂ ਕਿ ਭਾਜਪਾ ਨੂੰ ਪੰਜਾਬੀਆਂ ਨੇ ਕੋਈ ਬਹੁਤਾ ਹੁੰਗਾਰਾ ਨਹੀਂ ਦਿੱਤਾ ਹੈ। ਉਂਜ, ਕਿਸਾਨ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਭਾਜਪਾ ਆਪਣਾ ਵੋਟ ਸ਼ੇਅਰ ਵਧਾ ਸਕੀ ਹੈ, ਪਰ ਵੋਟ ਫੀਸਦ ਦੁੱਗਣਾ ਕਰਨ ਵਿਚ ਫ਼ੇਲ੍ਹ ਰਹੀ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸਾਕਾ ਨੀਲਾ ਤਾਰਾ ਦੇ ਬਰਸੀ ਦਿਹਾੜੇ ਦੇ ਹਵਾਲੇ ਨਾਲ ਜਿੱਤ ਦੇ ਜਸ਼ਨ ਮਨਾਉਣ ਤੋਂ ਗੁਰੇਜ਼ ਕਰਨ ਦੀ ਕੀਤੀ ਅਪੀਲ ਕਰਕੇ ਬਹੁਤੇ ਉਮੀਦਵਾਰਾਂ ਨੇ ਜਥੇਦਾਰ ਦੇ ਹੁਕਮਾਂ ’ਤੇ ਫੁੱਲ ਚੜ੍ਹਾਏ। ‘ਇੰਡੀਆ ਗੱਠਜੋੜ’ ਵਿਚ ਮੁੱਖ ਹਿੱਸੇਦਾਰ ਹੋਣ ਦੇ ਬਾਵਜੂਦ ਪੰਜਾਬ ਵਿਚ ‘ਆਪ’ ਅਤੇ ਕਾਂਗਰਸ ਨੇ ਵੱਖੋ-ਵੱਖ ਹੋ ਕੇ ਚੋਣਾਂ ਲੜੀਆਂ, ਪਰ ਗੱਠਜੋੜ ਦੀ ਝੋਲੀ ਪੰਜਾਬ ’ਚੋਂ 10 ਸੀਟਾਂ ਪੈ ਗਈਆਂ ਹਨ। ‘ਆਪ’ ਨੇ ਚੋਣ ਮੈਦਾਨ ਵਿਚ ਪੰਜ ਕੈਬਨਿਟ ਮੰਤਰੀ ਉਤਾਰੇ ਸਨ ਜਿਨ੍ਹਾਂ ’ਚੋਂ ਸਿਰਫ਼ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਹੀ ਜਿੱਤ ਸਕੇ। ਇਸੇ ਤਰ੍ਹਾਂ ਚੋਣ ਲੜ ਰਹੇ ‘ਆਪ’ ਦੇ ਤਿੰਨ ਵਿਧਾਇਕਾਂ ਨੂੰ ਵੀ ਸਫਲਤਾ ਨਹੀਂ ਮਿਲੀ। ਪੰਜਾਬ ਵਿਚ ਸਭ ਤੋਂ ਵੱਡੀ ਜਿੱਤ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅਤੇ ‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਨੇ ਦਰਜ ਕੀਤੀ। ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਐੱਨਐੱਸਏ ਤਹਿਤ ਬੰਦ ਅੰਮ੍ਰਿਤਪਾਲ ਸਿੰਘ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਕੁਲਵੀਰ ਸਿੰਘ ਜ਼ੀਰਾ ਨੂੰ 1,97,120 ਵੋਟਾਂ ਦੇ ਫ਼ਰਕ ਨਾਲ ਹਰਾਇਆ। ਖਡੂਰ ਸਾਹਿਬ ਹਲਕੇ (ਪੁਰਾਣਾ ਤਰਨ ਤਾਰਨ) ਨੇ ਜੇਲ੍ਹ ’ਚ ਬੰਦ ਕਿਸੇ ਉਮੀਦਵਾਰ ਨੂੰ ਦੂਜੀ ਵਾਰ ਜਿਤਾਇਆ ਹੈ। ਇਸ ਤੋਂ ਪਹਿਲਾਂ ਜੇਲ੍ਹ ’ਚ ਬੰਦ ਸਿਮਰਨਜੀਤ ਸਿੰਘ ਮਾਨ ਨੂੰ 1989 ਦੀਆਂ ਚੋਣਾਂ ਵਿਚ ਜਿਤਾਇਆ ਸੀ।