ਤ੍ਰਿਣਮੂਲ ਕਾਂਗਰਸ ਦੇ ਵਫ਼ਦ ਵੱਲੋਂ ਖਨੌਰੀ ਬਾਰਡਰ ਦਾ ਦੌਰਾ

ਤ੍ਰਿਣਮੂਲ ਕਾਂਗਰਸ ਦੇ ਵਫ਼ਦ ਵੱਲੋਂ ਖਨੌਰੀ ਬਾਰਡਰ ਦਾ ਦੌਰਾ

* ਟੀਐੱਮਸੀ ਦੇ ਸੰਸਦ ਮੈਂਬਰ ਲੋਕ ਸਭਾ ਸੈਸ਼ਨ ’ਚ ਉਠਾਉਣਗੇ ਐੱਮਐੱਸਪੀ ਦਾ ਮੁੱਦਾ

ਸੰਗਰੂਰ/ਖਨੌਰੀ/ਪਾਤੜਾਂ, - ਤ੍ਰਿਣਮੂਲ ਕਾਂਗਰਸ ਦੇ ਪੰਜ ਸੰਸਦ ਮੈਂਬਰਾਂ ਦੇ ਵਫ਼ਦ ਨੇ ਅੱਜ ਖਨੌਰੀ ਬਾਰਡਰ (ਢਾਬੀ ਗੁਜਰਾਂ) ਦਾ ਦੌਰਾ ਕੀਤਾ ਅਤੇ ਕਿਸਾਨ ਅੰਦੋਲਨ ਸਬੰਧੀ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਵਫ਼ਦ ਨੇ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਦੇ ਪ੍ਰਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਫੋਨ ’ਤੇ ਗੱਲਬਾਤ ਵੀ ਕਰਵਾਈ। ਪਾਰਟੀ ਸੁਪਰੀਮੋ ਮਮਤਾ ਬੈਨਰਜੀ ਨੇ ਡੱਲੇਵਾਲ ਨੂੰ ਭਰੋਸਾ ਦਿੱਤਾ ਕਿ ਤ੍ਰਿਣਮੂਲ ਕਾਂਗਰਸ ਕਿਸਾਨਾਂ ਦੇ ਦੁੱਖ ਦਰਦ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਅਤੇ ਆਉਣ ਵਾਲੇ ਲੋਕ ਸਭਾ ਸੈਸ਼ਨ ਦੌਰਾਨ ਪਾਰਟੀ ਦੇ 42 ਸੰਸਦ ਮੈਂਬਰ (29 ਲੋਕ ਸਭਾ ਤੇ 13 ਰਾਜ ਸਭਾ ਮੈਂਬਰ) ਐੱਮਐੱਸਪੀ ਗਾਰੰਟੀ ਕਾਨੂੰਨ ਦੇ ਮੁੱਦੇ ਜ਼ੋਰ-ਸ਼ੋਰ ਨਾਲ ਉਠਾਉਣਗੇ।

ਤ੍ਰਿਣਮੂਲ ਕਾਂਗਰਸ ਦੇ ਪੰਜ ਮੈਂਬਰੀ ਵਫ਼ਦ ਵਿਚ ਪਾਰਟੀ ਦੇ ਕੌਮੀ ਬੁਲਾਰੇ ਡੈਰੇਕ ਓਬਰਾਇਨ, ਮੁਹੰਮਦ ਨਦੀਮ ਉੱਲ ਹੱਕ, ਡੋਲਾ ਸੇਨ, ਸਾਗਰਿਕਾ ਘੋਸ਼ ਅਤੇ ਸਾਕੇਤ ਗੋਖਲੇ ਸ਼ਾਮਲ ਸਨ। ਵਫ਼ਦ ਵੱਲੋਂ ਡੱਲੇਵਾਲ ਦੀ ਮਮਤਾ ਬੈਨਰਜੀ ਨਾਲ ਫੋਨ ’ਤੇ ਕਰਵਾਈ ਗਈ ਗੱਲ ਦੌਰਾਨ ਕਿਸਾਨ ਆਗੂ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਕਿਵੇਂ ਆਪਣੇ ਹੱਕਾਂ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਤਸ਼ੱਦਦ ਕੀਤਾ ਗਿਆ, ਨੌਜਵਾਨ ਸ਼ੁਭਕਰਨ ਸਿੰਘ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਅਤੇ ਟਰੈਕਟਰ ਤੇ ਗੱਡੀਆਂ ਦੀ ਭੰਨਤੋੜ ਕੀਤੀ ਗਈ। ਮਮਤਾ ਬੈਨਰਜੀ ਨੇ ਡੱਲੇਵਾਲ ਨੂੰ ਹਮਾਇਤ ਦਾ ਭਰੋਸਾ ਦਿੱਤਾ ਹੈ। ਕਿਸਾਨ ਆਗੂਆਂ ਨੇ ਤ੍ਰਿਣਮੂਲ ਕਾਂਗਰਸ ਦੇ ਵਫ਼ਦ ਨੂੰ ਉਹ ਥਾਵਾਂ ਵੀ ਦਿਖਾਈਆਂ ਜਿਥੇ ਕਿਸਾਨਾਂ ’ਤੇ ਗੋਲੀਆਂ ਚਲਾਈਆਂ ਗਈਆਂ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਸੰਸਦ ਮੈਂਬਰਾਂ ਨੇ ਕਿਸਾਨ ਅੰਦੋਲਨ ਦੌਰਾਨ ਜ਼ਖ਼ਮੀ ਹੋਏ ਪ੍ਰਿਤਪਾਲ ਸਿੰਘ ਅਤੇ ਵਰਿੰਦਰ ਸਿੰਘ ਨਾਲ ਵੀ ਮੁਲਾਕਾਤ ਕੀਤੀ।

ਇਸੇ ਤਰ੍ਹਾਂ ਉਨ੍ਹਾਂ ਕਿਸਾਨਾਂ ਨਾਲ ਹੋਈ ਜ਼ਿਆਦਤੀ ਦੀ ਵੀਡੀਓ ਰਿਕਾਰਡਿੰਗ ਵੀ ਵੇਖੀ। ਸੰਸਦ ਮੈਂਬਰਾਂ ਨੇ ਕਿਸਾਨਾਂ ਨੂੰ ਸਾਰੀਆਂ ਵੀਡੀਓਜ਼ ਉਨ੍ਹਾਂ ਨੂੰ ਭੇਜਣ ਲਈ ਕਿਹਾ ਤਾਂ ਜੋ ਉਹ ਦੇਸ਼ ਦੀ ਸੰਸਦ ਵਿੱਚ ਸਬੂਤਾਂ ਸਮੇਤ ਮਾਮਲਾ ਉਠਾ ਸਕਣ। ਇਸ ਮੌਕੇ ਬਲਦੇਵ ਸਿੰਘ ਸਿਰਸਾ, ਅਭਿਮੰਨਿਊ ਕੋਹਾੜ, ਲਖਵਿੰਦਰ ਸਿੰਘ ਔਲਖ, ਸੁਖਜਿੰਦਰ ਸਿੰਘ ਖੋਸਾ, ਮਨਿੰਦਰ ਸਿੰਘ ਮਾਨ, ਸੁਖਜੀਤ ਸਿੰਘ ਹਰਦੋਝੰਡੇ, ਗੁਰਸਾਹਿਬ ਸਿੰਘ, ਰਣਜੀਤ ਰਾਜੂ, ਸੁਰਸਿਮਰਨ ਸਿੰਘ ਮਾਂਗਟ ਤੇ ਹੋਰ ਹਾਜ਼ਰ ਸਨ।