ਰਾਹੁਲ ਗਾਂਧੀ ਦੀ ਬਿਆਨਬਾਜ਼ੀ ਤੋਂ ਬੀ.ਜੇ.ਪੀ. ਕਿਉਂ ਹੋ ਰਹੀ ਹੈ ਪ੍ਰੇਸ਼ਾਨ?

ਰਾਹੁਲ ਗਾਂਧੀ ਦੀ ਬਿਆਨਬਾਜ਼ੀ ਤੋਂ ਬੀ.ਜੇ.ਪੀ. ਕਿਉਂ ਹੋ ਰਹੀ ਹੈ ਪ੍ਰੇਸ਼ਾਨ?


ਕੇਰਲਾ ਤੋਂ ਲੋਕ ਸਭਾ ਮੈਂਬਰ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਅਮਰੀਕਾ ਦੌਰੇ ਉੱਤੇ ਹਨ। ਇਸ ਮੌਕੇ ਉਹਨਾਂ ਵੱਲੋਂ ਇੱਕ ਸਬੰਧੋਨ ਦੌਰਾਨ ਭਾਜਪਾ ਉੱਤੇ ਨਿਸ਼ਾਨੇ ਸਾਧੇ ਗਏ। ਅਮਰੀਕਾ ’ਚ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਇੱਕ ਵਿਅਕਤੀ ਤੋਂ ਉਸ ਦਾ ਨਾਂ ਪੁੱਛਿਆ ਅਤੇ ਕਿਹਾ ਕਿ ਭਾਰਤ ’ਚ ਇਸ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਕੀ ਕਿਸੇ ਸਿੱਖ ਨੂੰ ਦਸਤਾਰ ਅਤੇ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ, ਕੀ ਕੋਈ ਸਿੱਖ ਗੁਰਦੁਆਰੇ ’ਚ ਜਾ ਸਕਦਾ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਲੜਾਈ ਕਿਸ ਬਾਰੇ ਹੈ। ਲੜਾਈ ਰਾਜਨੀਤੀ ਦੀ ਨਹੀਂ ਹੈ। ਇਸ ਤਰਾਂ ਦੀ ਲੜਾਈ ਸਿਰਫ਼ ਸਿੱਖਾਂ ਦੀ ਨਹੀਂ, ਸਗੋਂ ਸਾਰੇ ਧਰਮਾਂ ਦੀ ਹੈ। ਮੈਂ ਦੇਖਦਾ ਹਾਂ ਕਿ ਤਾਮਿਲਨਾਡੂ, ਪੰਜਾਬ, ਹਰਿਆਣਾ, ਤੇਲੰਗਾਨਾ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਕੇਰਲ ਵਰਗੇ ਕਈ ਥਾਵਾਂ ਤੋਂ ਲੋਕਾਂ ਦੀ ਭੀੜ ਹੈ। ਮੈਂ ਕੇਰਲ ਤੋਂ ਸੰਸਦ ਮੈਂਬਰ ਹਾਂ। ਕੇਰਲਾ ਅਤੇ ਪੰਜਾਬ ਸਧਾਰਨ ਸ਼ਬਦ ਹਨ ਪਰ ਤੁਹਾਡਾ ਇਤਿਹਾਸ, ਤੁਹਾਡੀ ਭਾਸ਼ਾ ਅਤੇ ਤੁਹਾਡੀ ਪਰੰਪਰਾ ਇਨਾਂ ਸ਼ਬਦਾਂ ਵਿੱਚ ਹੈ। ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਰਾਹੁਲ ਗਾਂਧੀ ਦੇ ਬਿਆਨ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ ਉਨਾਂ ’ਤੇ ਮਾਮਲਾ ਦਰਜ ਕਰਕੇ ਉਨਾਂ ਨੂੰ ਅਦਾਲਤ ’ਚ ਘਸੀਟਣਗੇ। ਆਰ.ਪੀ. ਸਿੰਘ ਨੇ ਧਮਕੀ ਦਿੰਦਿਆਂ ਕਿਹਾ ਕਿ ‘ਦਿੱਲੀ ਵਿੱਚ 3000 ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਉਨਾਂ ਦੀਆਂ ਪੱਗਾਂ ਉਤਾਰੀਆਂ ਗਈਆਂ, ਉਨਾਂ ਦੇ ਵਾਲ ਕੱਟੇ ਗਏ ਅਤੇ ਦਾੜੀਆਂ ਕੱਟੀਆਂ ਗਈਆਂ। ਉਹਨਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜ ਦਿੱਤਾ ਗਿਆ। ਰਾਹੁਲ ਗਾਂਧੀ ਇਸ ਗੱਲ ਦਾ ਜ਼ਿਕਰ ਨਹੀਂ ਕਰਦੇ ਕਿ ਇਹ ਸੱਤਾ ਵਿੱਚ ਹੁੰਦਿਆਂ ਹੋਇਆ ਸੀ। ਇਹ ਨਹੀਂ ਕਹਿੰਦੇ ਕਿ ਇਹ ਉਦੋਂ ਹੋਇਆ ਜਦੋਂ ਉਹ ਸਰਕਾਰ ਵਿੱਚ ਸੀ। ਅੱਜ ਜੇਕਰ ਕੋਈ ਸਕੀਮ ਜਾਰੀ ਕੀਤੀ ਜਾਂਦੀ ਹੈ ਤਾਂ ਸਭ ਲਈ ਇੱਕੋ ਜਿਹੀ ਕੀਤੀ ਜਾਂਦੀ ਹੈ। ਜੇਕਰ ਕਿਸਾਨ ਸਨਮਾਨ ਨਿਧੀ ਦਿੱਤੀ ਜਾ ਰਹੀ ਹੈ ਤਾਂ ਸਾਰਿਆਂ ਨੂੰ ਬਰਾਬਰ ਰਕਮ ਮਿਲ ਰਹੀ ਹੈ। ਜੇ ਲੋਕਾਂ ਨੂੰ ਛੱਤਾਂ ਅਤੇ ਮਕਾਨ ਮਿਲ ਰਹੇ ਹਨ ਤਾਂ ਉਨਾਂ ਨੂੰ ਬਰਾਬਰ ਮਿਲ ਰਹੇ ਹਨ। ਪੀ.ਐੱਮ. ਮੋਦੀ ਦੇ ਕਾਰਜਕਾਲ ਵਿੱਚ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਗਿਆ। ਮੈਂ ਰਾਹੁਲ ਗਾਂਧੀ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਭਾਰਤ ਵਿੱਚ ਕਹਿਣ ਕਿ ਉਹ ਸਿੱਖਾਂ ਬਾਰੇ ਕੀ ਕਹਿ ਰਹੇ ਹਨ। ਮੈਂ ਉਸ ਵਿਰੁੱਧ ਕੇਸ ਦਰਜ ਕਰਾਂਗਾ। ਮੈਂ ਉਨਾਂ ਨੂੰ ਅਦਾਲਤ ਵਿੱਚ ਲੈ ਜਾਵਾਂਗਾ।    
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਸਿੱਖਾਂ ਬਾਰੇ ਦਿੱਤੇ ਬਿਆਨਾਂ ’ਤੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਇਹ ਟਿੱਪਣੀਆਂ ਉਨਾਂ ਦੀ ਮਾਨਸਿਕਤਾ ਅਤੇ ਸੋਚ ਨੂੰ ਦਰਸਾਉਂਦੀਆਂ ਹਨ। ਉਨਾਂ ਕਿਹਾ ਕਿ ਨਹਿਰੂ ਪਰਿਵਾਰ ਨੇ ਕਦੇ ਵੀ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, 1984 ਦੇ ਸਿੱਖ ਵਿਰੋਧੀ ਦੰਗਿਆਂ ਦੇ 40 ਸਾਲ ਬਾਅਦ ਵੀ ਕੌਮੀ ਘੱਟ ਗਿਣਤੀ ਕਮਿਸ਼ਨ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਯਤਨਸ਼ੀਲ ਹੈ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਿੱਖਾਂ ਦੀ ਭਲਾਈ ਲਈ ਕਈ ਫ਼ੈਸਲੇ ਲਏ ਹਨ ਤੇ ਭਾਜਪਾ ਹਮੇਸ਼ਾ ਸਿੱਖਾਂ ਨੂੰ ਅੱਗੇ ਲਿਆਂਦੀ ਹੈ। ਉਨਾਂ ਕਿਹਾ ਕਿ ਭਾਰਤ ਵਿਚ ਵਿਰਾਸਤ ਹਮੇਸ਼ਾ ਪਿਤਾ ਤੋਂ ਮਿਲਦੀ ਹੈ ਇਸ ਲਈ ਰਾਹੁਲ ਗਾਂਧੀ ਵੀ ਘੱਟ ਗਿਣਤੀਆਂ ਵਿਚੋਂ ਹਨ, ਕਿਉਂਕਿ ਉਨਾਂ ਦੇ ਦਾਦਾ ਫ਼ਿਰੋਜ਼ ਗਾਂਧੀ ਪਾਰਸੀ ਸਨ, ਜੋ ਕਿ ਘੱਟ ਗਿਣਤੀ ਵਰਗ ਹੈ। ਉਨਾਂ ਕਿਹਾ ਕਿ ਸਾਰੇ ਧਰਮ ਇਕੋ ਜਿਹੇ ਹਨ, ਸਾਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ।
ਜੇਕਰ ਦੇਖਿਆ ਜਾਵੇ ਤਾਂ ਆਰ.ਪੀ. ਸਿੰਘ ਅਤੇ ਇਕਬਾਲ ਸਿੰਘ ਲਾਲਪੁਰਾ ਦੋਵੇਂ ਭਾਜਪਾ ਦੇ ਆਗੂ ਹਨ ਅਤੇ ਉਹ ਦਿੱਲੀ ਸਿੱਖ ਕਤਲੇਆਮ ਦੀ ਗੱਲ ਕਰ ਰਹੇ ਹਨ, ਕਰਨੀ ਵੀ ਚਾਹੀਦੀ ਹੈ ਪਰ ਉਹਨਾਂ ਦੋਵਾਂ ਨੂੰ ਭਾਜਪਾ ਆਗੂ ਲਾਲ ਕਿ੍ਰਸ਼ਨ ਅਡਵਾਨੀ ਦੀ ‘ਮਾਈ ਕੰਟਰੀ, ਮਾਈ ਲਾਈਫ਼’ ਜ਼ਰੂਰ ਪੜਨੀ ਚਾਹੀਦੀ ਹੈ ਜਿਸ ਵਿਚ ਉਹਨਾਂ ਲਿਖਿਆ ਹੈ ਕਿ ਇੰਦਰਾ ਗਾਂਧੀ ਨੂੰ ਅਕਾਲ ਤਖਤ ਉੱਤੇ ਹਮਲਾ ਕਰਨ ਲਈ ਸਭ ਤੋਂ ਵੱਧ ਅਸੀਂ ਮਜਬੂਰ ਕੀਤਾ। ਪੁਰਾਣੇ ਸਿਆਸਤਦਾਨ ਜਾਣਦੇ ਹਨ ਕਿ ਭਾਜਪਾ ਨੇ ਇੰਦਰਾ ਗਾਂਧੀ ਨੂੰ ਦੁਰਗਾ ਦਾ ਖ਼ਿਤਾਬ ਵੀ ਦਿੱਤਾ ਸੀ। ਸੋ ਭਾਜਪਾ ਆਗੂ ਇਸ ਗੱਲ ਤੋਂ ਫਾਰਗ ਨਹੀਂ ਹੋ ਸਕਦੇ ਕਿ ਸਿੱਖਾਂ ਖਿਲਾਫ ਰਚੀਆਂ ਗਈਆਂ ਕਤਲੇਆਮ ਵਰਗੀਆਂ ਸਾਜਿਸ਼ਾਂ ਵਿਚ ਉਹ ਦੋਸ਼ੀ ਨਹੀਂ ਹਨ।
ਦੂਜੇ ਪਾਸੇ ਰਾਹੁਲ ਗਾਂਧੀ ਦੇ ਬਿਆਨਾਂ ਦੀ ਗੰਭੀਰਤਾ ਨੂੰ ਸਮਝਣ ਦੀ ਲੋੜ ਹੈ। ਜੇਕਰ ਆਰ.ਐੱਸ.ਐੱਸ. ਦੀ ਰਣਨੀਤੀ ਨੂੰ ਦੇਖਦੇ ਹਾਂ ਤਾਂ ਉਹ ‘ਹਿੰਦੂ, ਹਿੰਦੀ, ਹਿੰਦੋਸਤਾਨ’ ਉੱਤੇ ਟਿਕੀ ਹੋਈ ਹੈ। ਭਾਵ ਉਹ ਹੋਰ ਕਿਸੇ ਵੀ ਧਰਮ ਨੂੰ ਵੇਖ ਕੇ ਖੁਸ਼ ਨਹੀਂ ਹਨ ਅਤੇ ਇਸ ਨਾਅਰੇ ਦੀ ਪੂਰਤੀ ਲਈ ਉਹਨਾਂ ਬਹੁਤ ਵੱਡੇ ਪੱਧਰ ’ਤੇ ਕੰਮ ਵੀ ਸ਼ੁਰੂ ਕੀਤਾ ਹੋਇਆ ਹੈ। ਰਾਹੁਲ ਦਾ ਇਸ਼ਾਰਾ ਹੈ ਕਿ ਹੁਣ ਘੱਟ ਗਿਣਤੀਆਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਭਾਜਪਾ ਉਹਨਾਂ ਲਈ ਖਤਰਾ ਬਣ ਚੱੁਕੀ ਹੈ ਜਿਸ ਵਿਚ ਕਿਤੇ ਨਾ ਕਿਤੇ ਸਚਾਈ ਵੀ ਜਾਪਦੀ ਹੈ। ਹੁਣੇ ਹੁਣੇ ਹੋਈਆਂ ਲੋਕ ਸਭਾ ਚੋਣਾਂ ਵਿਚ ਵਧੀਆ ਪ੍ਰਦਰਸ਼ਨ ਨਾਲ ਰਾਹੁਲ ਗਾਂਧੀ ਨੇ ਭਾਰਤ ਦੀ ਸਿਆਸਤ ਵਿਚ ਆਪਣੇ ਪੈਰ ਪੱਕੇ ਕੀਤੇ ਹਨ ਅਤੇ ਹੁਣ ਉਹ ਬਹੁਤ ਹੀ ਉਤਸ਼ਾਹ ਵਿਚ ਹਨ। ਉਹ ਘੱਟ ਗਿਣਤੀਆਂ ਨੂੰ ਆਪਣੇ ਨਾਲ ਜੋੜਨ ਵਿਚ ਕਾਮਯਾਬ ਹੋ ਰਹੇ ਹਨ ਅਤੇ ਲੱਗਦਾ ਨਹੀਂ ਕਿ ਉਹ ਭਾਜਪਾ ਦੀ ਘੁਰਕੀ ਤੋਂ ਡਰਨਗੇ। ਰਾਹੁਲ ਗਾਂਧੀ ਨੂੰ ਹੁਣ ਲੋੜ ਹੈ ਕਿ ਕਿਸੇ ਵੀ ਅਜਿਹੇ ਬਿਆਨ ਤੋਂ ਉਹ ਬਚਣ ਜੋ ਵਿਵਾਦ ਦਾ ਕਾਰਨ ਬਣਦਾ ਹੋਵੇ ਪਰ ਘੱਟ ਗਿਣਤੀਆਂ ਦੇ ਹੱਕ ਵਿਚ ਝੰਡਾ ਬੁਲੰਦ ਕਰਨਾ ਉਹਨਾਂ ਲਈ ਤਰੱਕੀ ਦਾ ਰਾਸਤਾ ਖੋਲ ਦੇਵੇਗਾ। ਆਮੀਨ!