ਸਿੱਕਮ: ਲਾਚੁੰਗ ’ਚ ਲਗਪਗ 64 ਸੈਲਾਨੀਆਂ ਨੂੰ ਬਚਾਇਆ

ਸਿੱਕਮ: ਲਾਚੁੰਗ ’ਚ ਲਗਪਗ 64 ਸੈਲਾਨੀਆਂ ਨੂੰ ਬਚਾਇਆ

ਖ਼ਰਾਬ ਮੌਸਮ ਕਾਰਨ ਬਚਾਅ ਮੁਹਿੰਮ ਰੋਕੀ; ਉੱਤਰੀ ਸਿੱਕਮ ਨਾਲ ਸੜਕੀ ਸੰਪਰਕ ਬਹਾਲ ਕਰਨ ਦੇ ਯਤਨ ਜਾਰੀ
ਗੰਗਟੋਕ, - ਉੱਤਰੀ ਸਿੱਕਮ ਦੇ ਲਾਚੁੰਗ ਤੋਂ ਅੱਜ ਲਗਪਗ 50 ਸੈਲਾਨੀਆਂ ਨੂੰ ਬਚਾ ਕੇ ਮਾਂਗਨ ਕਸਬੇ ਵਿੱਚ ਪਹੁੰਚਾਇਆ ਗਿਆ ਹੈ। ਸਰਹੱਦੀ ਸੜਕ ਸੰਗਠਨ (ਬੀਆਰਓ) ਨੇ ਇਹ ਜਾਣਕਾਰੀ ਦਿੱਤੀ ਹੈ। ਬੀਆਰਓ ਨੇ ਕਿਹਾ ਕਿ ਹਾਲਾਂਕਿ, ਖ਼ਰਾਬ ਮੌਸਮ ਕਾਰਨ ਬਚਾਅ ਮੁਹਿੰਮ ਰੋਕਣੀ ਪਈ ਅਤੇ ਬਾਕੀ ਸੈਲਾਨੀਆਂ ਨੂੰ ਮੰਗਲਵਾਰ ਨੂੰ ਕੱਢਿਆ ਜਾਵੇਗਾ। ਬੀਆਰਓ ਵੱਲੋਂ ਤੀਸਦਾ ਨਦੀ ’ਤੇ ਟੂੰਗ ਵਿੱਚ ਹਾਲ ਹੀ ਵਿੱਚ ਬਣੇ ਪੁਲ ਰਾਹੀਂ ਚੁੰਗਥਾਂਗ ਅਤੇ ਮਾਂਗਨ ਦਰਮਿਆਨ ਸੰਪਰਕ ਬਹਾਲ ਕੀਤੇ ਜਾਣ ਮਗਰੋਂ ਬਚਾਅ ਮੁਹਿੰਮ ਸ਼ੁਰੂ ਹੋਈ। ਇੱੱਕ ਬਿਆਨ ਵਿੱਚ ਕਿਹਾ ਗਿਆ ਹੈ, ‘‘ਬੀਆਰਓ ਸਿਵਲ ਪ੍ਰਸ਼ਾਸਨ ਅਤੇ ਐੱਨਡੀਆਰਐੱਫ ਦੀ ਟੀਮ ਨਾਲ ਕਰੀਬੀ ਸਹਿਯੋਗ ਬਣਾ ਕੇ ਵੱਡੀ ਬਚਾਅ ਮੁਹਿੰਮ ਦੀ ਅਗਵਾਈ ਕਰ ਰਿਹਾ ਹੈ।’’

ਅਧਿਕਾਰੀਆਂ ਨੇ ਦੱਸਿਆ ਕਿ 12 ਜੂਨ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਮਾਂਗਨ ਵਿੱਚ ਕਹਿਰ ਮਚਾਇਆ ਹੋਇਆ ਹੈ ਜਿਸ ਕਾਰਨ ਢਿੱਗਾਂ ਡਿੱਗਣ ਦੀਆਂ ਕਈ ਘਟਨਾਵਾਂ ਵਾਪਰੀਆਂ ਅਤੇ ਜ਼ਿਲ੍ਹੇ ਦੇ ਜ਼ਿਆਦਾਤਰ ਹਿੱਸਿਆਂ ਨਾਲ ਸੰਪਰਕ ਟੁੱਟ ਗਿਆ ਹੈ। ਕਈ ਥਾਵਾਂ ’ਤੇ ਸੜਕੀ ਆਵਾਜਾਈ ਠੱਪ ਹੋਣ ਕਾਰਨ ਲਾਚੁੰਗ ਵਿੱਚ ਲਗਪਗ 1,200-1,500 ਸੈਲਾਨੀ ਫਸ ਗਏ।

ਉਨ੍ਹਾਂ ਕਿਹਾ ਕਿ ਸਾਂਕਲਾਂਗ ਵਿੱਚ ਨਵੇਂ ਉਸਾਰੇ ਝੂਲਾ ਪੁਲ ਦੇ ਢਹਿਣ ਮਗਰੋਂ ਸਥਿਤੀ ਗੰਭੀਰ ਹੋ ਗਈ ਹੈ ਕਿਉਂਕਿ ਇਹ ਉੱਤਰੀ ਸਿੱਕਮ ਅਤੇ ਜੋਂਗੂ ਨੂੰ ਜੋੜਨ ਵਾਲਾ ਮੁੱਖ ਰਸਤਾ ਸੀ। ਇੱਕ ਬਿਆਨ ਵਿੱਚ ਕਿਹਾ ਗਿਆ ਹੈ, ‘‘ਬੀਆਰਓ ਨੇ ਇਸ ਖੇਤਰ ਵਿੱਚ ਮੌਸਮ ਦੀ ਗੰਭੀਰ ਸਥਿਤੀ ਅਤੇ ਜ਼ੋਰਦਾਰ ਮੀਂਹ ਦੇ ਬਾਵਜੂਦ ਕੁਦਰਤੀ ਆਫ਼ਤ ਨਾਲ ਲੋਹਾ ਲੈਂਦਿਆਂ ਭਾਰੀ ਕਿਰਤ ਸ਼ਕਤੀ ਅਤੇ ਮਸ਼ੀਨਰੀ ਲਾ ਕੇ ਉੱਤਰੀ ਸਿੱਕਮ ਨਾਲ ਛੇਤੀ ਤੋਂ ਛੇਤੀ ਸੰਪਰਕ ਬਹਾਲ ਕਰਨ ਦੇ ਯਤਨ ਵਿੱਢ ਦਿੱਤੇ ਹਨ।’’