ਪੰਥ ਤੇ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਕਰਨ ’ਚ ਜੁਟੀਆਂ ਕਈ ਤਾਕਤਾਂ: ਸੁਖਬੀਰ

ਪੰਥ ਤੇ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਕਰਨ ’ਚ ਜੁਟੀਆਂ ਕਈ ਤਾਕਤਾਂ: ਸੁਖਬੀਰ

ਤਰਨ ਤਾਰਨ/ਜ਼ੀਰਾ, -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੁਝ ਤਾਕਤਾਂ ਪੰਥ ਤੇ ਪੰਥਕ ਸੰਸਥਾਵਾਂ ਨੂੰ ਸਾਜ਼ਿਸ਼ ਤਹਿਤ ਕਮਜ਼ੋਰ ਕਰਨ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹੀ ਤਾਕਤਾਂ ਸੂਬੇ ਦੀ ਭਾਈਚਾਰਕ ਸਾਂਝ ਅਤੇ ਸੂਬੇ ਦੀ ਸ਼ਾਂਤੀ ਨੂੰ ਖਰਾਬ ਕਰਨ ਦੀ ਤਾਕ ਵਿੱਚ ਹਨ| ਸੁਖਬੀਰ ਬਾਦਲ ਅੱਜ ਸਰਹੱਦੀ ਖੇਤਰ ਦੇ ਕਸਬਾ ਖੇਮਕਰਨ ਵਿੱਚ ਖਡੂਰ ਸਾਹਿਬ ਹਲਕੇ ਤੋਂ ਪਾਰਟੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਪਾਰਟੀ ਪ੍ਰਧਾਨ ਨੇ ਕਿਹਾ ਕਿ ਉਹ ਸੂਬੇ ਦੀ ਭਾਈਚਾਰਕ ਸਾਂਝ ਨੂੰ ਟੁੱਟਣ ਨਹੀਂ ਦੇਣਗੇ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਆਪਣੀ ਖੇਤਰੀ ਪਾਰਟੀ ਦੀ ਹਮਾਇਤ ਕਰਨ ਦੀ ਅਪੀਲ ਕੀਤੀ ਤਾਂ ਜੋ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਸਕੇ| ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਕੇਂਦਰ ਸਰਕਾਰ ਤੇ ਕਾਂਗਰਸ ਪਾਰਟੀ ਨੂੰ ਵੀ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਅਤੇ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਾਂ ’ਤੇ ਆਰਐੱਸਐੱਸ ਦਾ ਕਬਜ਼ਾ ਕਰਵਾਇਆ ਹੈ।

ਇਸ ਦੌਰਾਨ ਜ਼ੀਰਾ ਦੀ ਦਾਣਾ ਮੰਡੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿੱਚ ਮੀਟਿੰਗ ਕੀਤੀ ਗਈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਰਗੜੇ ਲਾਉਂਦੇ ਹੋਏ ਕਿਹਾ ਕਿ ‘ਆਪ’ ਸਰਕਾਰ ਨੇ ਪਿਛਲੇ ਦੋ ਸਾਲਾਂ ਦੌਰਾਨ ਕੋਈ ਤਰੱਕੀ ਵਾਲਾ ਕੰਮ ਨਹੀਂ ਕੀਤਾ।