ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐੱਚਪੀ) ਤੇ ਬਜਰੰਗ ਦਲ ਵੱਲੋਂ ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਕੀਤੀਆਂ ਜਾਣ ਵਾਲੀਆਂ ਤਜਵੀਜ਼ਤ ਰੈਲੀਆਂ ’ਤੇ ਰੋਕ ਨਹੀਂ ਲਾ ਰਹੀ, ਪਰ ਸੂਬਾ ਸਰਕਾਰਾਂ ਨੂੰ ਇਨ੍ਹਾਂ ਰੈਲੀਆਂ/ਰੋਸ ਮੁਜ਼ਾਹਰਿਆਂ ਦੌਰਾਨ ਨਫ਼ਰਤੀ ਤਕਰੀਰ ’ਤੇ ਸਖ਼ਤੀ ਨਾਲ ਲਗਾਮ ਕੱਸਣੀ ਹੋਵੇਗੀ। ਸਿਖਰਲੀ ਕੋਰਟ ਨੇ ਦਿੱਲੀ ਨਾਲ ਲੱਗਦੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਫਿਰਕੂ ਝੜਪਾਂ ’ਚ ਛੇ ਵਿਅਕਤੀਆਂ ਦੀ ਮੌਤ ਮਗਰੋਂ ਅੱਜ ਸੰਵੇਦਨਸ਼ੀਲ ਇਲਾਕਿਆਂ ਵਿੱਚ ਸੁਰੱਖਿਆ ਅਮਲੇ ਦੀ ਨਫ਼ਰੀ ਵਧਾਉਣ ਦੇ ਹੁਕਮ ਦਿੱਤੇ ਹਨ। ਜਸਟਿਸ ਸੰਜੀਵ ਖੰਨਾ ਤੇ ਜਸਟਿਸ ਐੱਸ.ਵੀ.ਭੱਟੀ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਸੰਵੇਦਨਸ਼ੀਲ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਾਉਣ ਦੇ ਹੁਕਮ ਵੀ ਦਿੱਤੇ ਹਨ। ਬੈਂਚ ਨੇ ਕਿਹਾ, ‘‘ਅਸੀਂ ਆਸ ਕਰਦੇ ਹਾਂ ਤੇ ਸਾਨੂੰ ਯਕੀਨ ਹੈ ਕਿ ਪੁਲੀਸ ਅਥਾਰਿਟੀਜ਼ ਸਣੇ ਸੂਬਾ ਸਰਕਾਰਾਂ ਯਕੀਨੀ ਬਣਾਉਣਗੀਆਂ ਕਿ ਇਨ੍ਹਾਂ ਰੈਲੀਆਂ ਦੌਰਾਨ ਕਿਸੇ ਭਾਈਚਾਰੇ ਖਿਲਾਫ਼ ਕੋਈ ਨਫ਼ਤਰੀ ਭਾਸ਼ਣ ਨਾ ਦਿੱਤਾ ਜਾਵੇ ਅਤੇ ਨਾ ਕੋਈ ਹਿੰਸਾ ਹੋਵੇ ਤੇ ਨਾ ਜਾਇਦਾਦਾਂ ਨੂੰ ਨੁਕਸਾਨ ਪਹੁੰਚੇ। ਜਿੱਥੇ ਲੋੜ ਹੋਵੇ ਉਥੇ ਮੁਨਾਸਬ ਪੁਲੀਸ ਬਲ ਜਾਂ ਨੀਮ ਫੌਜੀ ਬਲਾਂ ਦੀ ਤਾਇਨਾਤੀ ਕੀਤੀ ਜਾਵੇ।’’
ਸੁਪਰੀਮ ਕੋਰਟ ਨੇ ਕੇਂਦਰ ਵੱਲੋਂ ਪੇਸ਼ ਵਧੀਕ ਸੌਲੀਸਿਟਰ ਜਨਰਲ ਐੱਸ.ਵੀ.ਰਾਜੂ ਨੂੰ ਹਦਾਇਤ ਕੀਤੀ ਕਿ ਉਹ ਫੌਰੀ ਅਥਾਰਿਟੀਜ਼ ਨਾਲ ਰਾਬਤਾ ਕਰਕੇ ਇਹ ਯਕੀਨੀ ਬਣਾਉਣ ਕਿ ਹੋਰ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਸੁਪਰੀਮ ਕੋਰਟ ਹੁਣ ਇਸ ਮਾਮਲੇ ’ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰੇਗੀ। ਸਰਵਉੱਚ ਅਦਾਲਤ ਪੱਤਰਕਾਰ ਸ਼ਾਹੀਨ ਅਬਦੁੱਲਾ ਵੱਲੋਂ ਪੇਸ਼ ਵਕੀਲ ਸੀ.ਯੂ.ਸਿੰਘ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਸਿੰਘ ਨੇ ਕੋਰਟ ਦੇ ਧਿਆਨ ’ਚ ਲਿਆਂਦਾ ਕਿ ਹਿੰਦੂ ਸੱਜੇਪੱਖੀ ਸਮੂਹਾਂ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੇ ਕੌਮੀ ਰਾਜਧਾਨੀ ਖੇਤਰ ਦੇ ਵੱਖ ਵੱਖ ਹਿੱਸਿਆਂ ਵਿੱਚ 23 ਰੈਲੀਆਂ ਤੇ ਰੋਸ ਮੁਜ਼ਾਹਰਿਆਂ ਦਾ ਪ੍ਰੋਗਰਾਮ ਉਲੀਕਿਆ ਹੈ। ਹਰਿਆਣਾ ਦੇ ਨੂਹ ਵਿੱਚ 31 ਜੁਲਾਈ ਨੂੰ ਵੀਐੱਚਪੀ ਵੱਲੋਂ ਕੱਢੀ ਧਾਰਮਿਕ ਯਾਤਰਾ ਨੂੰ ਹਜੂਮ ਵੱਲੋਂ ਰੋਕੇ ਜਾਣ ਮਗਰੋਂ ਭੜਕੀ ਹਿੰਸਾ ਵਿੱਚ ਹੋਮ ਗਾਰਡ ਦੇ ਦੋ ਜਵਾਨਾਂ ਸਣੇ 6 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ। ਹਿੰਸਾ ਦਾ ਸੇਕ ਦਿੱਲੀ ਨਾਲ ਲੱਗਦੇ ਪਲਵਲ, ਫਰੀਦਾਬਾਦ ਤੇ ਗੁਰੂਗ੍ਰਾਮ ਨੂੰ ਵੀ ਲੱਗਾ, ਜਿੱਥੋਂ ਹਿੰਸਾ ਤੇ ਅੱਗਜ਼ਨੀ ਦੀਆਂ ਕਈ ਘਟਨਾਵਾਂ ਰਿਪੋਰਟ ਹੋਈਆਂ ਹਨ। ਹਰਿਆਣਾ ਸਰਕਾਰ ਮੁਤਾਬਕ ਹੁਣ ਤੱਕ 116 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵੀਐੱਚਪੀ ਤੇ ਬਜਰੰਗ ਦਲ ਦੇ ਕਾਰਕੁਨਾਂ ਨੇ ਫਿਰਕੂ ਹਿੰਸਾ ਖਿਲਾਫ਼ ਅੱਜ ਕੌਮੀ ਰਾਜਧਾਨੀ ਵਿੱਚ ਕਈ ਥਾਵਾਂ ’ਤੇ ਰੋਸ ਮੁਜ਼ਾਹਰੇ ਕੀਤੇ। ਇਸ ਦੌਰਾਨ ਪੁਲੀਸ ਨੇ ਇਹਤਿਆਤ ਵਜੋਂ ਕੌਮੀ ਰਾਜਧਾਨੀ ਵਿੱਚ ਸੰਵੇਦਨਸ਼ੀਲ ਥਾਵਾਂ ’ਤੇ ਸੁਰੱਖਿਆ ਵਧਾ ਦਿੱਤੀ ਹੈ। ਰੋਸ ਮੁਜ਼ਾਹਰਿਆਂ ਕਰਕੇ ਵਿਕਾਸ ਮਾਰਗ ਜੋ ਪੂਰਬੀ ਦਿੱਲੀ ਨੂੰ ਕੇਂਦਰੀ ਦਿੱਲੀ ਦੇ ਕਈ ਹਿੱਸਿਆਂ ਨਾਲ ਜੋੜਦਾ ਹੈ, ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਸੋਸ਼ਲ ਮੀਡੀਆ ’ਤੇ ਨਸ਼ਰ ਵੀਡੀਓਜ਼ ਵਿੱਚ ਬਜਰੰਗ ਦਲ ਦੇ ਹਮਾਇਤੀ ਨਿਰਮਾਣ ਵਿਹਾਰ ਮੈਟਰੋ ਸਟੇਸ਼ਨ ਨੇੜੇ ਹਨੂਮਾਨ ਚਾਲੀਸਾ ਦਾ ਜਾਪ ਕਰਦੇ ਨਜ਼ਰ ਆ ਰਹੇ ਹਨ। ਹਮਾਇਤੀਆਂ ਨੇ ਵਿਕਾਸ ਮਾਰਗ ਨੂੰ ਜਾਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲੀਸ ਨੇ ਉਨ੍ਹਾਂ ਨੂੰ ਖਿੰਡਾ ਦਿੱਤਾ।