ਸੂਰਮਿਆਂ ਦੀ ਧਰਤੀ ’ਤੇ ਨਸ਼ਿਆਂ ਦੀ ਕੋਈ ਥਾਂ ਨਹੀਂ: ਕਟਾਰੀਆ

ਸੂਰਮਿਆਂ ਦੀ ਧਰਤੀ ’ਤੇ ਨਸ਼ਿਆਂ ਦੀ ਕੋਈ ਥਾਂ ਨਹੀਂ: ਕਟਾਰੀਆ

ਰਾਜਪਾਲ ਨੇ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਦੀ ਕੀਤੀ ਅਗਵਾਈ; ਪੰਜਾਬ ਸਰਕਾਰ ਵੱਲੋਂ ਆਰੰਭੀ ਮੁਹਿੰਮ ਦੀ ਸ਼ਲਾਘਾ

ਖਰੜ,(ਪੰਜਾਬੀ ਰਾਈਟਰ)- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਇੱਥੇ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਦੀ ਅਗਵਾਈ ਕਰਦਿਆਂ ਆਖਿਆ ਕਿ ਸੂਰਮਿਆਂ ਦੀ ਧਰਤੀ ’ਤੇ ਨਸ਼ਿਆਂ ਲਈ ਕੋਈ ਥਾਂ ਨਹੀਂ। ਉਨ੍ਹਾਂ ਕਿਹਾ ਕਿ ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਬਹਾਦਰਾਂ ਦੀ ਧਰਤੀ ਤੋਂ ਨਸ਼ੇ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ’ਚ ਸਮਾਜ ਦਾ ਸਾਥ ਵੀ ਲਾਜ਼ਮੀ ਹੈ। ਉਨ੍ਹਾਂ ਅੱਜ ਇੱਥੋਂ ਦੇ ਸ੍ਰੀ ਰਾਮ ਭਵਨ ਤੋਂ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਇੱਥੋਂ ਦੀ ਧਰਤੀ ਦੇ ਲੋਕਾਂ ਨੇ ਜ਼ੁਲਮ ਵਿਰੁੱਧ ਬਲੀਦਾਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਮਹਾਨ ਧਰਤੀ ’ਤੇ ਪੈਦਾ ਹੋਣ ਵਾਲੇ ਬਹਾਦਰ ਪੰਜਾਬੀਆਂ ਨੂੰ ਅੱਜ ਬਾਹਰੀ ਤਾਕਤਾਂ ਵੱਲੋਂ ਸਰੀਰਕ ਤੌਰ ’ਤੇ ਕਮਜ਼ੋਰ ਕਰਨ ਦੀ ਇਸ ਸਾਜ਼ਿਸ਼ ਦਾ ਸਾਨੂੰ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਨੂੰ ਜੜ੍ਹੋਂ ਪੁੱਟਣ ’ਚ ਸਰਕਾਰ ਵੱਲੋਂ ਆਰੰਭੀ ਲੜਾਈ ਵਿੱਚ ਸਾਥ ਦੇਣਾ ਚਾਹੀਦਾ ਹੈ।

ਉਨ੍ਹਾਂ ਪੰਜਾਬੀਆਂ ਨੂੰ ਮਹਾਨ ਵਿਰਸਾ ਯਾਦ ਕਰਵਾਉਂਦਿਆਂ ਕਿਹਾ ਕਿ ਸਰਹੱਦਾਂ ਦੀ ਰਾਖੀ ਕਰਨ ਦੇ ਨਾਲ-ਨਾਲ ਜਦੋਂ ਅਮਰੀਕਾ ਵੱਲੋਂ ਅਨਾਜ ਲਈ ਹੱਥ ਖਿੱਚ ਲਿਆ ਗਿਆ ਸੀ ਤਾਂ ਉਸ ਮੌਕੇ ਪੰਜਾਬ ਨੇ ਹੀ ਦੇਸ਼ ਦੇ ਅਨਾਜ ਦੇ ਭੰਡਾਰ ਭਰੇ ਸਨ। ਇਸ ਲਈ ਹੁਣ ਜਦੋਂ ਪੰਜਾਬ ਅੱਗੇ ਨਸ਼ਿਆਂ ਦੀ ਚੁਣੌਤੀ ਬਣ ਖੜ੍ਹੀ ਹੈ ਤਾਂ ਸਾਨੂੰ ਫਿਰ ਤੋਂ ਇੱਕ ਵਾਰ ਜਨ ਅੰਦੋਲਨ ਦੇ ਰੂਪ ’ਚ ਇਸ ਦੇ ਖਾਤਮੇ ਲਈ ਉੱਠ ਖੜ੍ਹੇ ਹੋਣਾ ਚਾਹੀਦਾ ਹੈ। ਪੈਦਲ ਯਾਤਰਾ ’ਚ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਂਵਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਵੀ ਸ਼ਾਮਲ ਹੋਏ।

ਮਗਰੋਂ ਸ੍ਰੀ ਰਾਮ ਭਵਨ ਵਿੱਚ ਸ੍ਰੀ ਰਾਮ ਮੰਦਰ ਅੱਜ ਸਰੋਵਰ ਵਿਕਾਸ ਸਮਿਤੀ ਵੱਲੋਂ ਰਾਜਪਾਲ ਦੇ ਸਨਮਾਨ ਵਿੱਚ ਕਰਵਾਏ ਗਏ ਸਮਾਰੋਹ ’ਚ ਲਲਿਤ ਕੁਮਾਰ, ਵਿਕਾਸ ਸਮਿਤੀ ਦੇ ਪ੍ਰਧਾਨ ਸ਼ਸ਼ੀ ਪਾਲ ਜੈਨ , ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ, ਪ੍ਰੇਮ ਸਿੰਘ ਚੰਦੂਮਾਜਰਾ, ਭਾਜਪਾ ਆਗੂ ਵਿਨੀਤ ਜੋਸ਼ੀ , ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਅਤੇ ਨਗਰ ਕੌਂਸਲ ਖਰੜ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡੀਸੀ ਸ੍ਰੀਮਤੀ ਕੋਮਲ ਮਿੱਤਲ, ਐੱਸਐੱਸਪੀ ਦੀਪਕ ਪਾਰਿਕ, ਏਡੀਸੀ (ਯੂ ਡੀ) ਅਨਮੋਲ ਸਿੰਘ ਧਾਲੀਵਾਲ, ਐੱਸਡੀਐੱਮ ਖਰੜ ਗੁਰਮੰਦਰ ਸਿੰਘ, ਐੱਸਪੀ ਹਰਵੀਰ ਅਟਵਾਲ, ਮਨਪ੍ਰੀਤ ਸਿੰਘ ਤੇ ਐੱਨਐੱਸ ਮਾਹਲ ਮੌਜੂਦ ਸਨ।