ਭਗਵੰਤ ਮਾਨ ਨੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

ਭਗਵੰਤ ਮਾਨ ਨੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

ਮੁੱਖ ਮੰਤਰੀ ਵੱਲੋਂ ‘ਆਪ’ ਉਮੀਦਵਾਰ ਹਰਿੰਦਰ ਧਾਲੀਵਾਲ ਦੇ ਹੱਕ ਵਿੱਚ ਪ੍ਰਚਾਰ

ਧਨੌਲਾ/ਬਰਨਾਲਾ, (ਪੰਜਾਬੀ ਰਾਈਟਰ)- ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਧਨੌਲਾ ਦੇ ਮੁੱਖ ਬਾਜ਼ਾਰ ਵਿੱਚ ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਉਂਦਿਆਂ ਵਿਰੋਧੀ ਧਿਰ ’ਤੇ ਲੰਬੇ ਸਮੇਂ ਤੋਂ ਲੋਕਾਂ ਨੂੰ ਲੁੱਟਣ ਅਤੇ ਗੁਮਰਾਹ ਕਰਨ ਦਾ ਦੋਸ਼ ਲਾਇਆ। ਮੁੱਖ ਮੰਤਰੀ ਨੇ ਪਰਾਲੀ ਪ੍ਰਬੰਧਨ ਵਿੱਚ ਨਾਕਾਮ ਰਹਿਣ ਅਤੇ ਪੰਜਾਬ ਦੇ ਕਿਸਾਨਾਂ ਦੀ ਸਹਾਇਤਾ ਨਾ ਕਰਨ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ।

ਮੁੱਖ ਮੰਤਰੀ ਨੇ ਵਿਰੋਧੀ ਧਿਰ ਖਾਸ ਕਰਕੇ ਭਾਜਪਾ ਅਤੇ ਕਾਂਗਰਸ ’ਤੇ ਵਿਅੰਗ ਕਰਦਿਆਂ ਕਿਹਾ ਕਿ ਇਹ ਪਾਰਟੀਆਂ ਸਿਰਫ਼ ਆਪਸ ਵਿੱਚ ਲੜਨ ਵਿੱਚ ਦਿਲਚਸਪੀ ਰੱਖਦੀਆਂ ਹਨ। ਮਾਨ ਨੇ ਆਪਣੀ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਰੁਜ਼ਗਾਰ ਦੇ ਮੌਕਿਆਂ ਬਾਰੇ ਵੀ ਦੱਸਿਆ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਰਾਜਗੜ੍ਹ ਦੀ ਸ਼ਾਨਦਾਰ ਪ੍ਰਾਪਤੀ ਦਾ ਵੀ ਜ਼ਿਕਰ ਕੀਤਾ, ਜਿੱਥੇ 40 ਸਾਲਾਂ ਬਾਅਦ ਸਿੰਜਾਈ ਲਈ ਪਾਣੀ ਉਪਲਬਧ ਕਰਵਾਇਆ ਗਿਆ।

ਸੰਗਰੂਰ ਤੋਂ ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ,‘35 ਸਾਲਾਂ ਤੋਂ ਸਾਡੇ ਖੇਤਰ ਨੂੰ ਕੋਈ ਫੰਡ ਨਹੀਂ ਮਿਲਿਆ ਅਤੇ ਪਿਛਲੀਆਂ ਸਰਕਾਰਾਂ ਵੱਲੋਂ ਇਸ ਦੀ ਅਣਦੇਖੀ ਕੀਤੀ ਗਈ ਸੀ ਪਰ ਸਿਰਫ਼ ਢਾਈ ਸਾਲਾਂ ਵਿੱਚ, ਅਸੀਂ ਅਸਲ ਤਬਦੀਲੀ ਲਿਆਂਦੀ ਹੈ।’ ਹੇਅਰ ਨੇ ਬਰਨਾਲਾ ਦੇ ਡਰੇਨੇਜ ਸਿਸਟਮ ਦੇ ਆਧੁਨਿਕੀਕਰਨ ਸਣੇ ਅਹਿਮ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ’ਤੇ ਵੀ ਜ਼ੋਰ ਦਿੱਤਾ। ਸੰਸਦ ਮੈਂਬਰ ਨੇ ਖ਼ੁਲਾਸਾ ਕੀਤਾ ਕਿ ਨਹਿਰੀ ਵਿਭਾਗ ਨੂੰ ਬਰਨਾਲਾ ਦੇ ਕੰਮਾਂ ਲਈ 300 ਕਰੋੜ ਰੁਪਏ ਮਿਲੇ ਸਨ, ਹੁਣ ਬਰਨਾਲਾ ਦੇ ਲੋਕਾਂ ਨੂੰ ਹਰੀਗੜ੍ਹ ਨਹਿਰ ਤੋਂ ਪਾਣੀ ਮਿਲ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਬਰਨਾਲਾ ਵਿਧਾਨ ਸਭਾ ਹਲਕੇ ਦੇ ਸੰਘੇੜਾ ਵਿੱਚ ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਲਈ ਚੋਣ ਪ੍ਰਚਾਰ ਕੀਤਾ। ਮੁੱਖ ਮੰਤਰੀ ਨੇ ਬਰਨਾਲਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ‘ਆਪ’ ਸਰਕਾਰ ਉਨ੍ਹਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਉਹ ਇੱਥੇ ਕੰਮ ਕਰਨ ਅਤੇ ਅਸਲ ਬਦਲਾਅ ਲਿਆਉਣ ਲਈ ਆਏ ਹਨ। ਇਸ ਮੌਕੇ ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ, ਵਿਧਾਇਕ ’ਤੇ ਸਾਬਕਾ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੀ ਹਾਜ਼ਰ ਸਨ।