ਪੱਖੋ ਕੈਂਚੀਆਂ,(ਪੰਜਾਬੀ ਰਾਈਟਰ)- ਪਿੰਡ ਪੱਖੋਕੇ ਵਿੱਚ ਟਰੈਕਟਰ ਦਾ ਡੈੱਕ ਬੰਦ ਕਰਨ ਕਾਰਨ ਲੜਾਈ ਵਿੱਚ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਜਸਲੀਨ ਸਿੰਘ ਜੱਸੂ (25) ਵਜੋਂ ਹੋਈ ਹੈ। ਇਹ ਘਟਨਾ ਸੋਮਵਾਰ ਦੇਰ ਰਾਤ ਪਿੰਡ ਦੀ ਦਾਣਾ ਮੰਡੀ ਵਿੱਚ ਵਾਪਰੀ ਜਿੱਥੇ ਜਸਲੀਨ ਨੇ ਪਿੰਡ ਦੇ ਹੀ ਰਮਨਦੀਪ ਸਿੰਘ ਦੇ ਟਰੈਕਟਰ ਦੇ ਡੈੱਕ ਨੂੰ ਬੰਦ ਕਰਵਾ ਦਿੱਤਾ। ਇਸ ਮਗਰੋਂ ਦੋਵਾਂ ਧਿਰਾਂ ਦਰਮਿਆਨ ਹੋਈ ਲੜਾਈ ਵਿੱਚ ਜਸਲੀਨ ਦੀ ਮੌਤ ਹੋ ਗਈ, ਜਦਕਿ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਥਾਣਾ ਸਦਰ ਬਰਨਾਲਾ ਦੇ ਐੱਸਐੱਚਓ ਸ਼ੇਰਵਿੰਦਰ ਸਿੰਘ ਨੇ ਪੁਲੀਸ ਵੱਲੋਂ 12 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕ ਦੇ ਦੋਸਤ ਜਗਦੀਪ ਸਿੰਘ, ਕਾਬਲ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਦੌਰਾਨ ਜਸਲੀਨ ’ਤੇ ਵਾਹਨ ਚੜ੍ਹਾਉਣ ਮਗਰੋਂ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ ਵਿੱਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਸ ਦਾ ਪਿਤਾ ਸਾਬਕਾ ਫ਼ੌਜੀ ਹੈ ਅਤੇ ਉਸ ਦੀ ਭੈਣ ਕੈਨੇਡਾ ਰਹਿੰਦੀ ਹੈ। ਪਰਿਵਾਰ ਨੇ ਦੋਸ਼ ਲਾਇਆ ਕਿ ਹਾਲੇ ਤੱਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ।