ਕਿਸਾਨਾਂ ਅਤੇ ਪਾੜ੍ਹਿਆਂ ਵੱਲੋਂ ਵਿਧਾਇਕ ਦੇ ਘਰ ਅੱਗੇ ਮੁਜ਼ਾਹਰਾ

ਕਿਸਾਨਾਂ ਅਤੇ ਪਾੜ੍ਹਿਆਂ ਵੱਲੋਂ ਵਿਧਾਇਕ ਦੇ ਘਰ ਅੱਗੇ ਮੁਜ਼ਾਹਰਾ

ਸੰਯੁਕਤ ਕਿਸਾਨ ਮੋਰਚੇ ਤੇ ਪੀਐੱਸਯੂ ਵੱਲੋਂ ਖੇਤੀਬਾੜੀ ਦੀ ਪੜ੍ਹਾਈ ਮੁੜ ਸ਼ੁਰੂ ਕਰਵਾਉਣ ਲਈ ਧਰਨਾ

ਫਰੀਦਕੋਟ,(ਪੰਜਾਬੀ ਰਾਈਟਰ)- ਇੱਥੇ ਅੱਜ ਸੰਯੁਕਤ ਕਿਸਾਨ ਮੋਰਚੇ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਇੱਥੋਂ ਦੇ ਸਰਕਾਰੀ ਬਰਜਿੰਦਰਾ ਕਾਲਜ ਵਿੱਚ ਬੀਐੱਸਸੀ ਖੇਤੀਬਾੜੀ ਦੀ ਪੜ੍ਹਾਈ ਨੂੰ ਮੁੜ ਚਾਲੂ ਕਰਵਾਉਣ ਲਈ ਸ਼ਹਿਰ ਵਿੱਚ ਮੁਜ਼ਾਹਰਾ ਕਰਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਘਰ ਅੱਗੇ ਰੋਸ ਧਰਨਾ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਬਰਜਿੰਦਰਾ ਕਾਲਜ ਵਿੱਚ ਚੱਲਦੇ ਬੀਐੱਸਸੀ ਖੇਤੀਬਾੜੀ ਦੇ ਕੋਰਸ ਦੀ ਮਾਨਤਾ ਰੱਦ ਕਰਕੇ ਪ੍ਰਾਈਵੇਟ ਕਰ ਦਿੱਤਾ ਗਿਆ ਹੈ। ਇਸ ਖ਼ਿਲਾਫ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਪ੍ਰਦਰਸ਼ਨ ਕੀਤਾ।

ਜ਼ਿਕਰਯੋਗ ਹੈ ਕਿ ਮਹੀਨੇ ਤੋਂ ਵਿਦਿਆਰਥੀ ਕੋਰਸ ਨੂੰ ਬਹਾਲ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਅਤੇ 23 ਦਿਨਾਂ ਤੋਂ ਕਾਲਜ ਅੰਦਰ ਪੱਕਾ ਧਰਨਾ ਚਲ ਰਿਹਾ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਧੀਰਜ ਕੁਮਾਰ, ਹਰਵੀਰ ਕੌਰ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਕਿਸਾਨ ਆਗੂ ਬਿੰਦਰ ਸਿੰਘ ਗੋਲੇਵਾਲਾ, ਬਖਤੌਰ ਸਿੰਘ, ਸੁਰਜੀਤ ਸਿੰਘ ਅਤੇ ਕਾਮਰੇਡ ਦਲੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਲਗਾਤਾਰ ਕੇਂਦਰ ਦੀਆਂ ਮਾਰੂ ਨੀਤੀਆਂ ਨੂੰ ਲਾਗੂ ਕਰ ਰਹੀ ਹੈ। ਕੇਂਦਰ ਸਰਕਾਰ ਨੇ ਸੂਬਿਆਂ ਦਾ ਅਧਿਕਾਰ ਖ਼ਤਮ ਕਰਦਿਆਂ ਨਵੀਂ ਸਿੱਖਿਆ ਨੀਤੀ ਨੂੰ ਸੂਬਿਆਂ ’ਤੇ ਥੋਪਿਆ ਅਤੇ ਪੰਜਾਬ ਸਰਕਾਰ ਸਿੱਖਿਆ ਨੀਤੀ ਬਣਾਉਣ ਦੀ ਬਜਾਏ ਕੇਂਦਰ ਦੀ ਨੀਤੀ ਲਾਗੂ ਕਰ ਰਹੀ ਹੈ, ਜਿਸ ਤਹਿਤ ਸਰਕਾਰੀ ਵਿੱਦਿਅਕ ਅਦਾਰਿਆਂ ਨੂੰ ਖ਼ਤਮ ਕਰਕੇ ਸਿੱਖਿਆ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਕੌਮੀ ਕਿਸਾਨ ਯੂਨੀਅਨ ਦੇ ਆਗੂ ਸ਼ਮਸ਼ੇਰ ਸਿੰਘ ਕਿੰਗਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਜਗਸੀਰ ਸਿੰਘ ਸਾਧੂਵਾਲਾ ਨੇ ਕਿਹਾ ਕਿ ਨਿੱਜੀਕਰਨ ਦੀ ਨੀਤੀ ਤਹਿਤ ਇਸੇ ਤਰ੍ਹਾਂ ਸਰਕਾਰੀ ਕਾਲਜ ਵਿੱਚ ਚੱਲਦੀ ਬੀਐੱਸਸੀ ਖੇਤੀਬਾੜੀ ਦੀ ਪੜ੍ਹਾਈ ਨੂੰ ਪ੍ਰਾਈਵੇਟ ਕੀਤਾ ਗਿਆ ਹੈ। ਪਿਛਲੀ ਕਾਂਗਰਸ ਸਰਕਾਰ ਵੇਲੇ ਖੇਤੀਬਾੜੀ ਦੀ ਪੜ੍ਹਾਈ ਨੂੰ ਬੰਦ ਕੀਤਾ ਗਿਆ ਸੀ। ਇਸ ਕੋਰਸ ਦੇ ਪ੍ਰਾਈਵੇਟ ਹੋਣ ਨਾਲ ਆਮ ਘਰਾਂ ਦੇ ਵਿਦਿਆਰਥੀ ਸਿੱਖਿਆ ਤੋਂ ਬਾਹਰ ਹੋਣਗੇ। ਇਸ ਮੌਕੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਗੁਰਦਿਆਲ ਸਿੰਘ ਭੱਟੀ ਨੇ ਸੰਘਰਸ਼ ਦੀ ਹਮਾਇਤ ਕੀਤੀ। ਧਰਨੇ ਵਿਚ ਪਹੁੰਚ ਕੇ ਵਿਧਾਇਕ ਗੁਰਦਿੱਤ ਸੇਖੋਂ ਵੱਲੋਂ ਜਲਦੀ ਦਾਖਲੇ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਅਤੇ ਹਫਤੇ ਵਿੱਚ ਕੋਰਸ ਨੂੰ ਸਰਕਾਰੀ ਕਰਨ ਦਾ ਵਾਅਦਾ ਕੀਤਾ। ਇਸ ਮਗਰੋਂ ਧਰਨਾ ਸਮਾਪਤ ਕੀਤਾ ਗਿਆ।