ਕਬਾਇਲੀਆਂ ਦੀ ਨਸਲਕੁਸ਼ੀ ਰੋਕਣ ਲਈ ਇਕਜੁੱਟ ਹੋਣ ਲੋਕ: ਹਿਮਾਂਸ਼ੂ ਕੁਮਾਰ

ਕਬਾਇਲੀਆਂ ਦੀ ਨਸਲਕੁਸ਼ੀ ਰੋਕਣ ਲਈ ਇਕਜੁੱਟ ਹੋਣ ਲੋਕ: ਹਿਮਾਂਸ਼ੂ ਕੁਮਾਰ

ਉੱਘੇ ਗਾਂਧੀਵਾਦੀ ਚਿੰਤਕ ਤੇ ਸਮਾਜਿਕ ਕਾਰਕੁਨ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਸੇਧੇ ਨਿਸ਼ਾਨੇ

ਬਠਿੰਡਾ,(ਪੰਜਾਬੀ ਰਾਈਟਰ)- ਉੱਘੇ ਗਾਂਧੀਵਾਦੀ ਚਿੰਤਕ ਤੇ ਸਮਾਜਿਕ ਕਾਰਕੁਨ ਹਿਮਾਂਸ਼ੂ ਕੁਮਾਰ ਦਾ ਕਹਿਣਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਦੀ ਸਿੱਧੀ ਨਿਗਰਾਨੀ ਹੇਠ ਮੁਲਕ ਦੇ ਕੁਦਰਤੀ ਵਸੀਲਿਆਂ ਅਤੇ ਵਡਮੁੱਲੇ ਖਣਿਜਾਂ ਨੂੰ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਅਤੇ ਬਹੁਕੌਮੀ ਕੰਪਨੀਆਂ ਦੇ ਹਵਾਲੇ ਕਰਨ ਲਈ ਕਬਾਇਲੀਆਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਸੱਦਾ ਦਿੱਤਾ ਕਿ ਇਸ ਨੂੰ ਰੋਕਣ ਲਈ ਭਾਰਤ ਦੇ ਹਰ ਇਨਸਾਫ਼ਪਸੰਦ ਨਾਗਰਿਕ ਨੂੰ ਡਟ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। ਉਨ੍ਹਾਂ ਸੁਚੇਤ ਕੀਤਾ ਕਿ ਆਪਣੇ ਹੀ ਲੋਕਾਂ ਵਿਰੁੱਧ ਇਹ ਜੰਗ, ਬਸਤਰ ਦੇ ਜੰਗਲਾਂ ਤੱਕ ਸੀਮਤ ਨਹੀਂ ਰਹੇਗੀ, ਸਭ ਤੋਂ ਉਪਜਾਊ ਖੇਤੀ ਖੇਤਰਾਂ ’ਤੇ ਕਬਜ਼ਾ ਕਰਨ ਲਈ ਇਹ ਜੰਗ ਨੇੜ ਭਵਿੱਖ ’ਚ ਪੰਜਾਬ ਵਰਗੇ ਖੇਤਰਾਂ ’ਚ ਵੀ ਪਹੁੰਚੇਗੀ। ਇਹ ਵਿਚਾਰ ਉਨ੍ਹਾਂ ਅੱਜ ਇੱਥੇ ਟੀਚਰਜ਼ ਹੋਮ ਵਿੱਚ ਅਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਈ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਫਾਸ਼ੀਵਾਦੀ ਹਕੂਮਤ ਨੇ ਆਪਣੇ ਹੀ ਆਦਿਵਾਸੀ ਲੋਕਾਂ ਵਿਰੁੱਧ ਨਸਲਕੁਸ਼ੀ ਦੀ ਜੰਗ ਵਿੱਢੀ ਹੋਈ ਹੈ, ਜਿਸ ਤਹਿਤ 2009 ਤੋਂ ਲੈ ਕੇ ਹਜ਼ਾਰਾਂ ਲੋਕਾਂ ਦਾ ਕਤਲੇਆਮ, ਔਰਤਾਂ ਨਾਲ ਬਲਾਤਕਾਰ, ਬੱਚਿਆਂ ਦੇ ਕਤਲ, ਲੱਖਾਂ ਲੋਕਾਂ ਦਾ ਉਜਾੜਾ ਆਮ ਗੱਲ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਲਈ ਕੋਈ ਕਾਨੂੰਨ ਨਹੀਂ ਹੈ। ਕਨਵੈਨਸ਼ਨ ਨੂੰ ਫਰੰਟ ਦੇ ਕਨਵੀਨਰ ਡਾ. ਪਰਮਿੰਦਰ ਸਿੰਘ ਅਤੇ ਲੋਕ ਗਾਇਕ ਜਗਸੀਰ ਜੀਦਾ ਨੇ ਵੀ ਸੰਬੋਧਨ ਕੀਤਾ। ਕਨਵੈਨਸ਼ਨ ਤੋਂ ਬਾਦ ਬਸਤਰ ਵਿਚ ਕਤਲੇਆਮ ਤੁਰੰਤ ਬੰਦ ਕਰਨ ਦੀ ਮੰਗ ਕਰਦਿਆਂ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਬਠਿੰਡਾ ਜ਼ਿਲ੍ਹੇ ਦੇ ਚਾਉਕੇ ਪਿੰਡ ਦੇ ਆਦਰਸ਼ ਮਾਡਲ ਸਕੂਲ ਵਿੱਚ ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਵੀ ਕੀਤੀ ਗਈ।