ਦਰਬਾਰ ਲਗਾ ਕੇ ਗਿਆਨ ਵੰਡ ਰਹੇ ਨੇ ‘ਅੰਕਲ’, ਬੇਤੁਕੀਆਂ ਕਰਦੇ ਹਨ ਗੱਲਾਂ: ਪ੍ਰਿਯੰਕਾ ਗਾਂਧੀ

ਦਰਬਾਰ ਲਗਾ ਕੇ ਗਿਆਨ ਵੰਡ ਰਹੇ ਨੇ ‘ਅੰਕਲ’, ਬੇਤੁਕੀਆਂ ਕਰਦੇ ਹਨ ਗੱਲਾਂ: ਪ੍ਰਿਯੰਕਾ ਗਾਂਧੀ

ਲਾਤੂਰ/ਧਰਮਪੁਰ- ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਦੇ ਉਦਗੀਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਐੱਨਡੀਏ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਹਰ ਵਿਆਹ ਜਾਂ ਚਾਹ ਦੀ ਦੁਕਾਨ ’ਤੇ ਇਕ ਅਜਿਹਾ ਅੰਕਲ ਜਾਂ ਵਿਅਕਤੀ ਹੁੰਦਾ ਹੈ ਜੋ ਇਕ ਕੋਨੇ ’ਚ ਬੈਠ ਕੇ ਦਰਬਾਰ ਲਗਾ ਕੇ ਗਿਆਨ ਵੰਡਦਾ ਰਹਿੰਦਾ ਹੈ। ‘ਹੁਣ ਜੇਕਰ ਇਹ ਅੰਕਲ ਆਖੇ ਕਿ ਇਕ ਸਿਆਸੀ ਪਾਰਟੀ ਕਾਂਗਰਸ ਤੁਹਾਡੇ ਘਰਾਂ ’ਚ ਐਕਸਰੇਅ ਮਸ਼ੀਨ ਲਿਆ ਕੇ ਤੁਹਾਡੀ ਸਾਰੀ ਕਮਾਈ, ਮੰਗਲਸੂਤਰ ਅਤੇ ਸੋਨੇ ਦਾ ਸਕੈਨ ਕਰਵਾ ਕੇ ਲੈ ਜਾਵੇਗੀ ਅਤੇ ਉਸ ਸੰਪਤੀ ਨੂੰ ਅੱਗੇ ਵੰਡ ਦੇਵੇਗੀ ਤਾਂ ਤੁਸੀਂ ਆਖੋਗੇ ਕਿ ਉਹ ਬਿਲਕੁਲ ਬਕਵਾਸ ਗੱਲ ਕਰ ਰਿਹਾ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਇਹੋ ਸਾਰੀਆਂ ਗੱਲਾਂ ਕਰਕੇ ਮੋਦੀ ਉੱਚ ਅਹੁਦੇ ਦੀ ਤੌਹੀਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਮੇਤ ਹੋਰ ਪਾਰਟੀਆਂ ਦੇ ਵੀ ਪ੍ਰਧਾਨ ਮੰਤਰੀ ਹੋਏ ਹਨ ਪਰ ਮੋਦੀ ਨੇ ਅਹੁਦੇ ਨੂੰ ਬਹੁਤ ਵੱਡੀ ਢਾਹ ਲਾਈ ਹੈ। ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ਪਿਛਲੇ 10 ਸਾਲਾਂ ’ਚ ਕੀਤੇ ਗਏ ਕੰਮਾਂ ਦੇ ਆਧਾਰ ’ਤੇ ਵੋਟਾਂ ਮੰਗਣ ਦੀ ਬਜਾਏ ਮੋਦੀ ਤਰਕਹੀਣ ਗੱਲਾਂ ਕਰ ਰਹੇ ਹਨ। ਚੋਣ ਬਾਂਡ ਯੋਜਨਾ ਲਈ ਭਾਜਪਾ ਨੂੰ ਘੇਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਜਿਨ੍ਹਾਂ ਨੇ ਹੁਕਮਰਾਨ ਧਿਰ ਨੂੰ ਪੈਸਾ ਦਾਨ ਕੀਤਾ ਹੈ, ਉਨ੍ਹਾਂ ’ਤੇ ਪਹਿਲਾਂ ਕੇਂਦਰੀ ਜਾਂਚ ਏਜੰਸੀਆਂ ਨੇ ਛਾਪੇ ਮਾਰੇ ਸਨ ਪਰ ਜਿਵੇਂ ਹੀ ਇਨ੍ਹਾਂ ਕੰਪਨੀਆਂ ਤੋਂ ਚੋਣ ਬਾਂਡਾਂ ਰਾਹੀਂ ਪੈਸਾ ਆਇਆ ਤਾਂ ਇਹ ਛਾਪੇ ਰੁਕ ਗਏ। ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਜੇਕਰ ਭਾਜਪਾ ਮੁੜ ਸੱਤਾ ’ਚ ਆਈ ਤਾਂ ਉਹ ਸੰਵਿਧਾਨ ਬਦਲ ਕੇ ਰੱਖ ਦੇਵੇਗੀ। ਉਨ੍ਹਾਂ ਕਿਹਾ ਕਿ ਹੁਕਮਰਾਨ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਇਸ ਦਾਅਵੇ ਨੂੰ ਭਾਵੇਂ ਜਿੰਨਾ ਮਰਜ਼ੀ ਨਕਾਰਦੀ ਰਹੇ ਪਰ ਉਹ ਸੰਵਿਧਾਨ ਬਦਲਣ ਦਾ ਇਰਾਦਾ ਰੱਖਦੇ ਹਨ।