ਗੁਰਦੁਆਰਾ ਨਾਨਕਮਤਾ ਸਾਹਿਬ ਦੇ ਕਾਰ ਸੇਵਾ ਮੁਖੀ ਦੀ ਗੋਲੀ ਮਾਰ ਕੇ ਹੱਤਿਆ

ਗੁਰਦੁਆਰਾ ਨਾਨਕਮਤਾ ਸਾਹਿਬ ਦੇ ਕਾਰ ਸੇਵਾ ਮੁਖੀ ਦੀ ਗੋਲੀ ਮਾਰ ਕੇ ਹੱਤਿਆ


ਦੇਹਰਾਦੂਨ/ਰੁਦਰਪੁਰ- ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ’ਚ ਸਥਿਤ ਗੁਰਦੁਆਰਾ ਨਾਨਕਮਤਾ ਸਾਹਿਬ ਦੇ ਕਾਰਸੇਵਾ ਡੇਰਾ ਮੁਖੀ ਦੀ ਅੱਜ ਤੜਕੇ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਇਸੇ ਦੌਰਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਗੁਰਦੁਆਰੇ ਪਹੁੰਚ ਕੇ ਬਾਬਾ ਤਰਸੇਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਐੱਸਐੱਸਪੀ ਮੰਜੂਨਾਥ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਬਾਬਾ ਤਰਸੇਮ ਸਿੰਘ ਨੂੰ ਖਟੀਮਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ, ‘ਸਾਡੇ ਕੋਲ ਹਮਲਾਵਰਾਂ ਦੀ ਸੀਸੀਟੀਵੀ ਫੁਟੇਜ ਹੈ ਜਿਸ ਵਿੱਚ ਉਹ ਸਪੱਸ਼ਟ ਦਿਖਾਈ ਦੇ ਰਹੇ ਹਨ। ਉਹ ਦੋਵੇਂ ਸਿੱਖ ਹਨ।’ ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ। ਮੰਜੂਨਾਥ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ’ਚ ਦਿਖਾਈ ਦੇ ਰਿਹਾ ਹੈ ਕਿ ਸਵੇਰੇ ਕਰੀਬ ਸਵਾ ਛੇ ਵਜੇ ਹਮਲਾਵਰ ਗੁਰਦੁਆਰੇ ਅੰਦਰ ਦਾਖਲ ਹੁੰਦੇ ਹਨ ਅਤੇ ਫਿਰ ਉਹ ਤਰਸੇਮ ਸਿੰਘ ਨੂੰ ਰਾਈਫਲ ਨਾਲ ਗੋਲੀ ਮਾਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਗੋਲੀ ਮਾਰਨ ਵਾਲਾ ਸ਼ਖਸ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ। ਐੱਸਐੱਸਪੀ ਨੇ ਦੱਸਿਆ, ‘ਕੁਰਸੀ ’ਤੇ ਬੈਠੇ ਤਰਸੇਮ ਸਿੰਘ ਨੂੰ ਦੋ ਗੋਲੀਆਂ ਮਾਰੀਆਂ ਗਈਆਂ। ਪਹਿਲੀ ਗੋਲੀ ਸਾਹਮਣਿਓਂ ਤੇ ਦੂਜੀ ਗੋਲੀ ਪਿੱਛਿਓਂ ਮਾਰੀ ਗਈ। ਸਿੰਘ ਜ਼ਮੀਨ ’ਤੇ ਡਿੱਗ ਗਏ।’ ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੂੰ ਫੜਨ ਲਈ ਅੱਠ ਪੁਲੀਸ ਟੀਮਾਂ ਨੂੰ ਕੰਮ ’ਤੇ ਲਾਇਆ ਗਿਆ ਹੈ। ਘਟਨਾ ਨੂੰ ਗੰਭੀਰ ਦੱਸਦਿਆਂ ਉਤਰਾਖੰਡ ਦੇ ਡੀਜੀਪੀ ਅਭਿਨਵ ਕੁਮਾਰ ਨੇ ਕਿਹਾ ਕਿ ਤਫਤੀਸ਼ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਐੱਸਟੀਐੱਫ ਅਤੇ ਸਥਾਨਕ ਪੁਲੀਸ ਦੇ ਮੁਲਾਜ਼ਮ ਸ਼ਾਮਲ ਹਨ। ਉਨ੍ਹਾਂ ਕਿਹਾ, ‘ਜੇਕਰ ਘਟਨਾ ਪਿੱਛੇ ਕੋਈ ਸਾਜ਼ਿਸ਼ ਹੈ ਤਾਂ ਇਸ ਦਾ ਪਰਦਾਫਾਸ਼ ਕੀਤਾ ਜਾਵੇਗਾ। ਇਸ ਲਈ ਕੇਂਦਰੀ ਏਜੰਸੀਆਂ ਦੀ ਵੀ ਮਦਦ ਲਈ ਜਾਵੇਗੀ।’ਇਸੇ ਦੌਰਾਨ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਨਾਨਕਮੱਤਾ ਗੁਰਦੁਆਰਾ ਕੈਂਪ ਪਹੁੰਚ ਕੇ ਬਾਬਾ ਤਰਸੇਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਘਟਨਾ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਧਾਮੀ ਨੇ ਸੂਬੇ ਦੇ ਡੀਜੀਪੀ ਨੂੰ ਹਮਲਾਵਰਾਂ ਖ਼ਿਲਾਫ਼ ਤੁਰੰਤ ਤੇ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ।